ਮਹਿਤਾਬ-ਉਦ-ਦੀਨ

ਚੰਡੀਗੜ੍ਹ: ਪੱਛਮੀ ਦੇਸ਼ਾਂ ’ਚ ਤਾਂ ਸਿੰਘਾਂ ਤੇ ਸਿੰਘਣੀਆਂ ਨਾਲ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ, ਜਦੋਂ ਉਨ੍ਹਾਂ ਦੀ ਦਸਤਾਰ, ਕੇਸ, ਕੜਾ ਜਾਂ ਕ੍ਰਿਪਾਨ ਕਰਕੇ ਉਨ੍ਹਾਂ ਨਾਲ ਪੱਖਪਾਤ ਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ ਪਰ ਭਾਰਤ ’ਚ ਸਿੱਖਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਨ, ਤਾਂ ਦੁੱਖ ਵੀ ਹੁੰਦਾ ਹੈ, ਨਿਰਾਸ਼ਾ ਵੀ ਹੁੰਦੀ ਹੈ ਤੇ ਲੋਕਾਂ ’ਚ ਰੋਹ ਤੇ ਰੋਸ ਵੀ ਉਪਜਦਾ ਹੈ।

ਦਿੱਲੀ ’ਚ ਵੀ ਅਜਿਹੀ ਇੱਕ ਘਟਨਾ ਵਾਪਰ ਗਈ ਹੈ, ਜਦੋਂ ਇੱਕ ਅੰਮ੍ਰਿਤਧਾਰੀ ਸਿੱਖ ਬੀਬੀ ਮਨਹਰਲੀਨ ਕੌਰ ਨੂੰ ਸਿਰਫ਼ ਇਸ ਲਈ ਪ੍ਰੀਖਿਆ ਹਾਲ ਅੰਦਰ ਦਾਖ਼ਲ ਨਾ ਹੋਣ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਕੜਾ ਤੇ ਕ੍ਰਿਪਾਨ ਆਪਣੇ ਤੋਂ ਵੱਖ ਕਰਨੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਹੁਣ ਇਹ ਮਾਮਲਾ ਹਾਈ ਕੋਰਟ ਵੀ ਪੁੱਜ ਗਿਆ ਹੈ ਤੇ ਅਦਾਲਤ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ ਤੇ ‘ਦਿੱਲੀ ਸੁਬਾਰਡੀਨੇਟ ਸਰਵਿਸੇਜ਼ ਸਿਲੈਕਸ਼ਨ ਬੋਰਡ’ (DSSSB) ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਹੈ।

ਭਾਰਤ ’ਚ ਸਿੱਖਾਂ ਨੂੰ ਹਰ ਸਥਾਨ ’ਤੇ ਪੰਜ ਕਕਾਰ ਧਾਰਨ ਕਰਨ ਦੀ ਪੂਰੀ ਇਜਾਜ਼ਤ ਹੈ। ਇਹ ਘਟਨਾ ਕੁਝ ਇਉਂ ਦੱਸੀ ਜਾਂਦੀ ਹੈ…

ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ’ਚ ਸਥਿਤ ਅਰਵਾਚਿਨ ਭਾਰਤੀ ਭਵਨ ਸੀਨੀਅਰ ਸੈਕੰਡਰੀ ਸਕੂਲ ’ਚ ਅਰਥ ਸ਼ਾਸਤਰ (ਇਕਨੌਮਿਕਸ) ਵਿਸ਼ੇ ਦੇ ‘ਪੋਸਟ ਗ੍ਰੈਜੂਏਟ ਅਧਿਆਪਕ’ ਦੀ ਆਸਾਮੀ ਲਈ ਮਨਹਰਲੀਨ ਕੌਰ ਨੇ ਅਰਜ਼ੀ ਦਿੱਤੀ ਸੀ। ਇਸ ਲਈ ਪਹਿਲਾਂ ਉਨ੍ਹਾਂ ਨੂੰ DSSSB ਦੀ ਪ੍ਰੀਖਿਆ ਵਿੱਚੋਂ ਲੰਘਣਾ ਪੈਣਾ ਸੀ ਪਰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਂਦਿਆਂ ਤੇ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਇਹ ਪ੍ਰੀਖਿਆ ਹੀ ਨਹੀਂ ਦੇਣ ਦਿੱਤੀ ਗਈ। ਇਹ ਘਟਨਾ ਬੀਤੀ 17 ਜੁਲਾਈ ਦੀ ਹੈ।

ਮਨਹਰਲੀਨ ਕੌਰ ਨੂੰ ਗੇਟ ’ਤੇ ਹੀ ਆਖਿਆ ਗਿਆ ਕਿ ਉਹ ਪ੍ਰੀਖਿਆ ਹਾਲ ਅੰਦਰ ਦਾਖ਼ਲ ਹੀ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਕੋਲ ਕ੍ਰਿਪਾਨ ਤੇ ਕੜਾ ਹਨ। ਜਦੋਂ ਤੱਕ ਉਹ ਇਨ੍ਹਾਂ ਨੂੰ ਲਾਹ ਕੇ ਇੱਕ ਪਾਸੇ ਨਹੀਂ ਰੱਖਦੇ, ਤਦ ਤੱਕ ਉਨ੍ਹਾਂ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ ਜਾਵੇਗੀ ਪਰ ਸਿੱਖ ਬੀਬੀ ਨੇ ਇੰਝ ਕਰਨ ਤੋਂ ਨਾਂਹ ਕਰ ਦਿੱਤੀ।

ਹੁਣ ਮਨਹਰਲੀਨ ਕੌਰ ਨੇ ਆਪਣੇ ਵਕੀਲਾਂ ਕਪਿਲ ਮਦਾਨ ਤੇ ਗੁਰਮੁਖ ਸਿੰਘ ਅਰੋੜਾ ਰਾਹੀਂ ਇੱਕ ਪਟੀਸ਼ਨ ਹਾਈ ਕੋਰਟ ’ਚ ਦਾਇਰ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਇੱਕਸਾਰ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਤੇ ਧਾਰਾ 14, 19 ਅਤੇ 25 ਅਧੀਨ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਗਰੰਟੀ ਦਿੱਤੀ ਜਾਵੇ ਤੇ ਰਾਖੀ ਕੀਤੀ ਜਾਵੇ। ਇਸ ਮਾਮਲੇ ਦੀ ਸੁਣਵਾਈ ਹੁਣ 11 ਅਗਸਤ ਨੂੰ ਹੋਣੀ ਹੈ।

ਮਨਹਰਲੀਨ ਕੌਰ ਨੇ ਆਪਣੀ ਪਟੀਸ਼ਨ ’ਚ ਆਖਿਆ ਹੈ ਕਿ ਪੂਰੇ ਤਿੰਨ ਸਾਲਾਂ ਬਾਅਦ ਸਰਕਾਰ ਨੇ ਮਸਾਂ ਖ਼ਾਲੀ ਆਸਾਮੀ ਕੱਢੀ ਸੀ ਤੇ ਉਹ ਪਿਛਲੇ ਡੇਢ ਸਾਲਾਂ ਤੋਂ ਅਜਿਹੀ ਆਸਾਮੀ ਲਈ ਤਿਆਰੀ ਕਰ ਰਹੇ ਸਨ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪ੍ਰੀਖਿਆ ਨਾ ਦੇਣ ਨਾਲ ਉਨ੍ਹਾਂ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਕੀਤੀ ਗਈ ਹੈ।

ਅੰਮ੍ਰਿਤਧਾਰੀ ਸਿੱਖ ਬੀਬੀ ਨੇ ਆਪਣੀ ਪਟੀਸ਼ਨ ’ਚ ਇਹ ਵੀ ਦੱਸਿਆ ਹੈ ਕਿ ਸਿੱਖ ਧਰਮ ਵਿੱਚ ਪੰਜ ਕਕਾਰਾਂ (ਦਸਤਾਰ, ਕੇਸ, ਕੜਾ, ਕ੍ਰਿਪਾਨ, ਕਛਹਿਰਾ) ਦਾ ਕੀ ਮਹੱਤਵ ਹੁੰਦਾ ਹੈ ਤੇ ਭਾਰਤ ਦਾ ਸੰਵਿਧਾਨ ਹਰੇਕ ਵਿਅਕਤੀ ਨੂੰ ਪੂਰੀ ਧਾਰਮਿਕ ਆਜ਼ਾਦੀ ਦਿੰਦਾ ਹੈ। ਪਟੀਸ਼ਨ ’ਚ ਇਸ ਸਾਰੇ ਮਾਮਲੇ ਦੀ ਜਾਂਚ ਵੀ ਮੰਗੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹ ਪਤਾ ਲਾਇਆ ਜਾਵੇ ਕਿ ਆਖ਼ਰ ਮੌਕੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ‘ਗ਼ੈਰ ਕਾਨੂੰਨੀ ਤਰੀਕੇ ਪ੍ਰੀਖਿਆ ਕਿਉਂ ਨਹੀਂ ਦੇਣ ਦਿੱਤੀ ਤੇ ਉਨ੍ਹਾਂ ਨੂੰ ਵਿਸ਼ੇਸ਼ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਵੇ।’