

ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 2 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਭਲਕੇ 3 ਨਵੰਬਰ ਨੂੰ ਸੱਚ ਦੀ ਕੰਧਰ ’ਤੇ ਇਕੱਤਰ ਹੋਕੇ ਸ਼ਹੀਦਾਂ ਨੂੰ ਨਮਨ ਕਰਨ ਦਾ ਫੈਸਲਾ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੋਏ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਨਮਨ ਕੀਤਾ ਤੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਨੂੰ ਵਾਰ-ਵਾਰ ਦਬਾਉਣ ਦਾ ਯਤਨ ਕੀਤਾ ਗਿਆ ਪਰ ਹਰ ਵਾਰ ਸਮੇਂ ਦੇ ਹਾਕਮ ਫੇਲ੍ਹ ਹੋਏ ਹਨ। ਉਹਨਾਂ ਕਿਹਾ ਕਿ ਬੇਸ਼ੱਕ ਮੁਗਲ ਹਾਕਮ ਹੋਣ ਜਾਂ ਅੰਗਰੇਜ਼ ਹੋਣ ਜਾਂ ਫਿਰ ਕਾਂਗਰਸ ਪਾਰਟੀ ਦੇ ਕਾਤਲ ਹੋਣ, ਹਰ ਵਾਰ ਸਿੱਖ ਕੌਮ ਨੂੰ ਦਬਾਉਣ ਦਾ ਯਤਨ ਕੀਤਾ ਗਿਆ, ਉਹਨਾਂ ਦਾ ਕਤਲੇਆਮ ਕੀਤਾ ਗਿਆ, ਉਹਨਾਂ ਦੀਆਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਗਿਆ ਤੇ ਬੱਚਿਆਂ ਨੂੰ ਵੀ ਕਤਲ ਕਰ ਦਿੱਤਾ ਗਿਆ ਪਰ ਇਹ ਸਾਰੇ ਕੰਮ ਸਿੱਖ ਨੂੰ ਦਬਾਉਣ ਵਿਚ ਨਾਕਾਮ ਰਹੇ ਹਨ।
ਉਹਨਾਂ ਕਿਹਾ ਕਿ ਹੁਣ ਵੀ ਸਿੱਖ ਕੌਮ ਪੂਰੀ ਚੜ੍ਹਦੀਕਲਾ ਵਿਚ ਹੈ ਤੇ ਨਾ ਸਿਰਫ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈ ਕੇ ਰਹੇਗੀ ਤੇ ਦੋਸ਼ੀਆਂ ਨੂੰ ਸ਼ਜਾਵਾਂ ਦੁਆਉਣਾ ਯਕੀਨੀ ਬਣਾਏਗੀ ਬਲਕਿ ਪਹਿਲਾਂ ਨਾਲੋਂ ਵੀ ਵੱਧ ਤਰੱਕੀ ਕਰ ਕੇ ਵਿਖਾਏਗੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ, ਚੇਅਰਮੈਨ ਭੁਪਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ ਸਮੇਤ ਹੋਰ ਮੈਂਬਰ ਵੱਡੀ ਗਿਣਤੀ ਵਿਚ ਮੌਜੂਦ ਸਨ।