Breaking News :

nothing found

ਭਗਵਿਆਂ ਦਾ ਡੀ ਐੱਨ ਏ ਹਿੰਸਾ ਤੇ ਨਫਰਤ ਵਾਲਾ

 *ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਦਿੱਤਾ  ਨਾਰਾ ‘ਬਟੇਂਗੇ ਤੋ ਕਟੇਂਗੇ’ ,ਸੰਘ ਵਲੋਂ ਸਮਰਥਨ

*ਕੇਂਦਰੀ ਮੰਤਰੀ ਗਿਰੀਰਾਜ  ਦੀ ਬਿਹਾਰ ਵਿਚ ‘ਹਿੰਦੂ ਸਵਾਭਿਮਾਨ’ ਯਾਤਰਾ  ਦਾ ਹਿੰਸਕ ਨੈਰਟਿਵ ਜਾਰੀ

ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ‘ਬਟੇਂਗੇ ਤੋ ਕਟੇਂਗੇ’ ਦੇ ਨਾਅਰੇ ਦੀ ਤਾਈਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਆਪਣੀ ਸਥਾਪਨਾ ਦੇ ਸੌ ਸਾਲ ਬਾਅਦ ਵੀ ਬਿਲਕੁਲ ਨਹੀਂ ਬਦਲਿਆ ਹੈ। ਉਸ ਦਾ ਡੀ ਐੱਨ ਏ ਹਿੰਸਾ ਤੇ ਨਫਰਤ ਵਾਲਾ ਹੀ ਹੈ ਤੇ ਉਹ ਉਸੇ ਭਾਸ਼ਾ ਵਿਚ ਸੋਚਦਾ ਹੈ। ਹਾਲਾਂਕਿ, ਬਾਅਦ ਵਿਚ ਉਹ ਉਸ ਨੂੰ ਸੱਭਿਆ, ਮਰਿਆਦਾ, ਸ਼ਾਂਤੀ ਤੇ ਸਦਭਾਵਨਾ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਯੋਗੀ ਨੇ ਪਹਿਲਾਂ ਉਪਰੋਕਤ ਨਾਅਰਾ ਬੰਗਲਾਦੇਸ਼ ਦੇ ਸੰਦਰਭ ਵਿਚ ਦਿੱਤਾ ਸੀ। ਉੱਥੇ ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਹਿੰਦੂ ਧਾਰਮਿਕ ਸਥਾਨਾਂ ’ਤੇ ਹਮਲੇ ਹੋਏ ਸਨ ਤੇ ਕਈ ਹਿੰਦੂ ਬਸਤੀਆਂ ’ਚ ਭੰਨਤੋੜ ਹੋਈ ਸੀ। ਯੋਗੀ ਆਦਿਤਿਆਨਾਥ ਦਾ ਪੂਰਾ ਨਾਅਰਾ ਹੈ ਬਟੇਂਗੇ ਤੋ ਕਟੇਂਗੇ, ਏਕ ਰਹੇਂਗੇ ਤੋ ਨੇਕ ਰਹੇਂਗੇ, ਸੁਰੱਖਸ਼ਿਤ ਰਹੇਂਗੇ। ਮਹਾਰਾਸ਼ਟਰ, ਜਿੱਥੇ ਅਗਲੇ ਮਹੀਨੇ ਅਸੰਬਲੀ ਚੋਣਾਂ ਹਨ, ਵਿਚ ਅੱਜਕੱਲ੍ਹ ਇਸ ਨਾਅਰੇ ਵਾਲੇ ਪੋਸਟਰਾਂ ਦੀ ਭਰਮਾਰ ਹੈ। 

ਦਿਲਚਸਪ ਗੱਲ ਇਹ ਵੀ ਹੈ ਕਿ ‘ਬਟੇਂਗੇ ਤੋ ਕਟੇਂਗੇ’ ਨੂੰ ਮੋਟੇ ਅੱਖਰਾਂ ਵਿਚ ਲਿਖਿਆ ਗਿਆ ਹੈ, ਜਦਕਿ ਨਾਅਰੇ ਦੇ ਅਗਲੇ ਸ਼ਬਦ ਪੜ੍ਹਨ ਲਈ ਖੁਰਦਬੀਨ ਦੀ ਮਦਦ ਲੈਣੀ ਪੈਂਦੀ ਹੈ। ਸੰਘ ਦੇ ਅਹੁਦੇਦਾਰ ਆਮ ਤੌਰ ’ਤੇ ਸ਼ਾਲੀਨ ਭਾਸ਼ਾ ਵਰਤਣ ਦਾ ਦਾਅਵਾ ਕਰਦੇ ਹਨ ਪਰ ਇਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬੋਲੇ ਨੇ ਜਿਸ ਤਰ੍ਹਾਂ ਇਸ ਨਾਅਰੇ ਦੀ ਤਾਈਦ ਕੀਤੀ ਹੈ, ਉਹ ਸੰਘ ਦੇ ਇਰਾਦੇ ਸਪੱਸ਼ਟ ਕਰ ਦਿੰਦੀ ਹੈ। 

ਮਥੁਰਾ ਵਿਚ ਸੰਘ ਦੇ ਦੋ ਦਿਨਾ ਸੰਮੇਲਨ ਵਿਚ ਹੋਸਬੋਲੇ ਨੇ ਕਿਹਾ ਕਿ ਹਿੰਦੂ ਸਮਾਜ ਵਿਚ ਏਕਤਾ ਨਹੀਂ ਰਹੇਗੀ ਤਾਂ ਅੱਜਕੱਲ੍ਹ ਦੀ ਭਾਸ਼ਾ ਵਿਚ ਬਟੇਂਗੇ ਤੋ ਕਟੇਂਗੇ ਹੋ ਸਕਦਾ ਹੈ। ਉਨ੍ਹਾ ਦਾ ਇਹ ਵੀ ਕਹਿਣਾ ਸੀ ਕਿ ਹਿੰਦੂ ਸਮਾਜ ਵਿਚ ਜਾਤੀ ਦੇ ਆਧਾਰ ’ਤੇ ਵੰਡ ਪਾਉਣ ਦਾ ਯਤਨ ਇੱਕ ਸਾਜ਼ਿਸ਼ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਠਾਣੇ ਵਿੱਚ ਇਕ ਰੈਲੀ ’ਚ ਕਿਹਾ ਸੀ ਕਿ ਅਗਰ ਹਮ ਬਟੇਂਗੇ ਤੋ ਬਾਂਟਨੇ ਵਾਲੇ ਮਹਿਫਿਲ ਸਜਾਏਂਗੇ। ਅਗਲੇ ਦਿਨ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਏਕਤਾ ਹੋਣੀ ਚਾਹੀਦੀ ਹੈ। ਇਲਾਕਾਈ, ਭਾਸ਼ਾਈ ਤੇ ਜਾਤ ਦੇ ਆਧਾਰ ’ਤੇ ਵੰਡ ਖਤਮ ਹੋਣੀ ਚਾਹੀਦੀ ਹੈ। ਭਾਰਤ ਇੱਕ ਹਿੰਦੂ ਰਾਸ਼ਟਰ ਹੈ।

ਦਰਅਸਲ ਸੰਘ ਤੇ ਭਾਜਪਾ ਦੇ ਆਗੂ ਬਟੇਂਗੇ ਤੋ ਕਟੇਂਗੇ ਦਾ ਨਾਅਰਾ ਜਾਤੀ ਜਨਗਣਨਾ ਦੀ ਮੰਗ ਨਾਲ ਇੰਡੀਆ ਗੱਠਜੋੜ ਤੇ ਅਖਿਲੇਸ਼ ਯਾਦਵ ਦੇ ਪੀ ਡੀ ਏ (ਪੱਛੜੇ, ਦਲਿਤ ਤੇ ਘੱਟਗਿਣਤੀ) ਨੇ ਲੋਕ ਸਭਾ ਚੋਣਾਂ ਵਿਚ ਯੂ ਪੀ ਵਿਚ ਭਾਜਪਾ ਨੂੰ ਜਿਹੜੀ ਮਾਰ ਮਾਰੀ ਹੈ, ਉਸ ’ਵਿਚੋਂ ਬਾਹਰ ਨਿਕਲਣ ਲਈ ਮਾਰ ਰਹੇ ਹਨ। ਉਹ ਫਿਰਕੂ ਧਰੁਵੀਕਰਨ ਕਰਕੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਡਰਾ ਰਹੇ ਹਨ।

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਸ ਸਮੇਂ ਬਿਹਾਰ ਵਿਚ ‘ਹਿੰਦੂ ਸਵਾਭਿਮਾਨ’ ਯਾਤਰਾ ਕਰ ਰਹੇ ਹਨ। ਆਪਣੀ ਇਸ ਯਾਤਰਾ ਦੌਰਾਨ ਉਹ ਸ਼ਰੇਆਮ ਭੜਕਾਊ ਭਾਸ਼ਨ ਦੇ ਰਹੇ ਹਨ। ਯਾਤਰਾ ਸ਼ੁਰੂ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਅਫ਼ਸੋਸ ਜਤਾਇਆ ਕਿ ਉਨ੍ਹਾਂ ਨੂੰ ਹੁਣ ਤੱਕ ਜਾਤੀ ਸਮੀਕਰਨ ਦੇਖ ਕੇ ਚੋਣਾਂ ਲੜਨ ਲਈ ਹੀ ਕਿਹਾ ਜਾਂਦਾ ਸੀ, ਜਦੋਂ ਕਿ ਉਹ ਹਿੰਦੂ ਹੋ ਕੇ ਚੋਣਾਂ ਲੜਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਉਹ ਕਿਸ਼ਨਗੰਜ ਤੋਂ ਚੋਣ ਲੜਨ, ਭਾਵੇਂ ਹੀ ਉਹ ਹਾਰ ਜਾਣ।

 ਜ਼ਿਕਰਯੋਗ ਹੈ ਕਿ ਕਿਸ਼ਨਗੰਜ ਵਿਚ 80 ਫ਼ੀਸਦੀ ਤੋਂ ਜ਼ਿਆਦਾ ਮੁਸਲਿਮ ਆਬਾਦੀ ਹੈ। ਹੁਣ ਸਵਾਲ ਹੈ ਕਿ ਉਨ੍ਹਾਂ ਨੂੰ ਹਿੰਦੂ ਬਣ ਕੇ ਚੋਣ ਲੜਨ ਤੋਂ ਕਿਸ ਨੇ ਰੋਕਿਆ? ਉਹ 3 ਵਾਰ ਤੋਂ ਆਪਣੀ ਜਾਤੀ ਦੀ ਬਹੁਗਿਣਤੀ ਆਬਾਦੀ ਵਾਲੀ ਬੇਗੂਸਰਾਏ ਸੀਟ ਤੋਂ ਲੜ ਰਹੇ ਹਨ। ਫਿਲਹਾਲ ਉਹ ਜੋ ਕੁਝ ਬੋਲ ਰਹੇ ਹਨ, ਉਸ ‘ਤੇ ਭਾਜਪਾ ਦਾ ਸਿਖਰਲੀ ਲੀਡਰਸ਼ਿਪ ਚੁੱਪ ਹੈ, ਭਾਵ ਗਿਰੀਰਾਜ ਸਿੰਘ ਦੀ ਯਾਤਰਾ ਨੂੰ ਉਸ ਦਾ ਮੌਨ ਸਮਰਥਨ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਕੇਂਦਰੀ ਮੰਤਰੀ ਵਜੋਂ ਸੰਵਿਧਾਨਕ ਅਹੁਦੇ ‘ਤੇ ਰਹਿੰਦਿਆਂ ਕੋਈ ਵਿਅਕਤੀ ਇਸ ਤਰ੍ਹਾਂ ਦੀਆਂ ਫ਼ਿਰਕੂ ਫੁੱਟ ਪਾਊ ਗੱਲਾਂ ਕਰ ਰਹੇ ਹਨ। ਗਿਰੀਰਾਜ ਸਿੰਘ ਯਾਤਰਾ ਨੂੰ ਲੈ ਕੇ ਰਾਜ ਵਿਚ ਵਿਵਾਦ ਹੋ ਰਿਹਾ ਹੈ। ਸੂਬੇ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਇਸ ਯਾਤਰਾ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਪੂਰਨੀਆ ਦੇ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਗਿਰੀਰਾਜ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ‘ਯਾਤਰਾ ਮੇਰੀ ਲਾਸ਼ ਤੋਂ ਹੋ ਕੇ ਲੰਘੇਗੀ।’ ਸਾਰਿਆਂ ਨੂੰ ਪਤਾ ਹੈ ਕਿ ਮੁਸਲਿਮ ਬਹੁਗਿਣਤੀ ਆਬਾਦੀ ਵਾਲੇ ਸੀਮਾਂਚਲ ‘ਚ ਯਾਤਰਾ ਦਾ ਮਕਸਦ ਪੂਰੇ ਸੂਬੇ ਵਿਚ ਫ਼ਿਰਕੂ ਵੰਡ ਦਾ ਮਾਹੌਲ ਬਣਾਉਣਾ ਹੈ

 ਸੰਘ ਪਰਵਾਰ ਜਿਨ੍ਹਾਂ ਸੰਤਾਂ, ਮਹਾਤਮਾਵਾਂ ਤੇ ਯੋਗੀਆਂ ਨੂੰ ਅੱਗੇ ਕਰ ਰਿਹਾ ਹੈ, ਉਨ੍ਹਾਂ ਦੀ ਭਾਸ਼ਾ ਤੇ ਸਾਡੇ ਭਗਤੀਕਾਲੀਨ ਸੰਤਾਂ ਦੀ ਭਾਸ਼ਾ ਵਿਚ ਕਿੰਨਾ ਫਰਕ ਹੈ। ਨਿਸਚਿਤ ਤੌਰ ’ਤੇ ਕਿਸੇ ਸਮਾਜ ਦੇ ਹਿੰਸਕ ਤੇ ਭਿ੍ਸ਼ਟ ਹੋਣ ਤੋਂ ਪਹਿਲਾਂ ਉਸ ਦੀ ਭਾਸ਼ਾ ਭਿ੍ਸ਼ਟ ਤੇ ਹਿੰਸਕ ਹੁੰਦੀ ਹੈ। ਹੁਣ ਦੇਖਣਾ ਹੈ ਕਿ ਭਾਰਤ ਵਾਸੀ ਆਪਣੀ ਗਿਆਨ-ਵਿਗਿਆਨ ਤੇ ਧਰਮ ਸੰਸਕ੍ਰਿਤੀ ਦੀ ਲੰਬੀ ਵਿਰਾਸਤ ਦੇ ਮੱਦੇਨਜ਼ਰ ‘ਬਟੇਂਗੇ ਤੋ ਕਟੇਂਗੇ’ ਦੀ ਭਾਸ਼ਾ ਕਿਸ ਹੱਦ ਤੱਕ ਸਵੀਕਾਰ ਕਰਦੇ ਹਨ ਅਤੇ ਕਿਸ ਹੱਦ ਤੱਕ ਖਾਰਜ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਬੁੱਧੀਜੀਵੀਆਂ ਦੀ ਫੌਜ ਇਹ ਸਾਬਤ ਕਰਨ ਵਿਚ ਲੱਗੀ ਹੋਈ ਹੈ ਕਿ ਸੰਘ ਕਾਫੀ ਬਦਲ ਗਿਆ ਹੈ, ਪਰ ਉਹ ਜੋ ਕਰ-ਕਰਵਾ ਰਿਹਾ ਹੈ, ਉਸ ਤੋਂ ਤਾਂ ਨਹੀਂ ਲਗਦਾ ਕਿ ਉਹ ਬਦਲਿਆ ਹੈ।ਜਰਮਨ ਦੇ ਹਿਟਲਰ ਦਾ  ਨਾਜ਼ੀਵਾਦੀ ਸਿਲੇਬਸ ਇੰਡੀਆ ਵਿਚ ਲਾਗੂ ਕੀਤਾ ਜਾ ਰਿਹਾ ਹੈ।

Pushpinder Singh

Read Previous

ਦਿੱਲੀ ਗੁਰਦੁਆਰਾ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

Read Next

ਸ਼੍ਰੋਮਣੀ ਕਮੇਟੀ ਉੱਪਰ ਬਾਦਲ ਦਲ ਦੀ ਜਿੱਤ ਤੇ ਅਕਾਲੀ ਦਲ ਲਈ ਚਿੰਤਨ ਦਾ ਵੇਲਾ

Leave a Reply

Your email address will not be published. Required fields are marked *